ਗੁਰੂਸਰ ਸਤਲਾਣੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੂਸਰ ਸਤਲਾਣੀ (ਪਿੰਡ) :ਪੰਜਾਬ ਪ੍ਰਦੇਸ਼ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਹੁਸ਼ਿਆਰਨਗਰ ਨਾਮਕ ਪਿੰਡ ਦੇ ਨੇੜੇ ਬਣਿਆ ਇਕ ਗੁਰੂ-ਧਾਮ ਜੋ ਹੁਣ ਗੁਰਦੁਆਰਾ ਗੁਰੂਸਰ ਸਤਲਾਣੀ ਨਾਂ ਨਾਲ ਪ੍ਰਸਿੱਧ ਹੈ। ਇਕ ਵਾਰ ਲਾਹੌਰ ਤੋਂ ਅੰਮ੍ਰਿਤਸਰ ਨੂੰ ਯਾਤ੍ਰਾ ਕਰਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ ਇਥੇ ਇਕ ਟੋਭੇ ਦੇ ਕੰਢੇ ਰਾਤ ਭਰ ਠਹਿਰੇ ਸਨ। ਸਿੱਖ ਰਵਾਇਤ ਅਤੇ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਇਕ ਹਜ਼ੂਰੀ ਸਿੰਘ ਭਾਈ ਬੁਲਾਕਾ ਸਿੰਘ ਨੂੰ ਇਸ ਗੁਰੂ-ਧਾਮ ਦਾ ਗ੍ਰੰਥੀ ਥਾਪਿਆ। ਉਸ ਤੋਂ ਬਾਦ ਕਈ ਸਿਦਕੀ ਸਿੱਖ ਇਸ ਧਰਮ-ਧਾਮ ਦੀ ਸੇਵਾ ਕਰਦੇ ਰਹੇ। 19ਵੀਂ ਸਦੀ ਦੇ ਸ਼ੁਰੂ ਵਿਚ ਸਿੱਖ ਰਾਜਿਆਂ ਅਤੇ ਸਰਦਾਰਾਂ ਨੇ ਇਸ ਗੁਰਦੁਆਰੇ ਨਾਲ ਕਾਫ਼ੀ ਜ਼ਮੀਨ ਲਗਵਾਈ। ਸੰਨ 1925 ਈ. ਵਿਚ ਇਸ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੋ ਗਈ। ਸੰਨ 1974 ਈ. ਵਿਚ ਸੰਤ ਮੰਗਲ ਸਿੰਘ ਦੇ ਉੱਦਮ ਨਾਲ ਨਵੀਂ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਗਈ ਅਤੇ ਟੋਭੇ ਨੂੰ ਸੁੰਦਰ ਸਰੋਵਰ ਦਾ ਰੂਪ ਦੇ ਦਿੱਤਾ ਗਿਆ। ਭਾਦੋਂ ਦੀ ਪੂਰਣਮਾਸੀ ਨੂੰ ਇਥੇ ਕਾਫ਼ੀ ਸੰਗਤ ਜੁੜਦੀ ਹੈ। ਲੋਕਾਂ ਵਿਚ ਵਿਸ਼ਵਾਸ ਹੈ ਕਿ ਇਸ ਸਰੋਵਰ ਦੇ ਜਲ ਵਿਚ ਇਸ਼ਨਾਨ ਕਰਨ ਨਾਲ ਚਮੜੀ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.